ਜਥੇਦਾਰ ਦਾਦੂਵਾਲ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ‘ਲੇਗੇਸੀ ਐਵਾਰਡ’ ਨਾਲ ਕੀਤਾ ਗਿਆ ਸਨਮਾਨ

ਕਰਨਾਲ: ਸਿੱਖ ਪ੍ਰਚਾਰਕ ਅਤੇ ਧਾਰਮਿਕ ਆਗੂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਧਾਰਮਿਕ ਸੇਵਾਵਾਂ, ਕਮਿਊਨਿਟੀ ਕਾਰਜਾਂ ਅਤੇ ਸਿੱਖ ਵਿਰਾਸਤ ਦੇ ਪ੍ਰਚਾਰ ਲਈ ਅਮਰੀਕਾ ਵਿੱਚ ਵਿਸ਼ੇਸ਼ ਸਨਮਾਨ ਦਿੱਤਾ ਗਿਆ।

ਵਾਸ਼ਿੰਗਟਨ ਡੀ.ਸੀ. ਦੇ ਪ੍ਰਸਿੱਧ ਮੇਅਫਲਾਵਰ ਹੋਟਲ ਵਿੱਚ ਹੋਏ ਸਮਾਗਮ ਦੌਰਾਨ ਉਨ੍ਹਾਂ ਨੂੰ &lsquo250ਵਾਂ ਲੇਗੇਸੀ ਐਵਾਰਡ ਯੂਐਸਏ&rsquo ਪ੍ਰਦਾਨ ਕੀਤਾ ਗਿਆ। ਸਮਾਗਮ ਵਿੱਚ ਧਾਰਮਿਕ, ਸਮਾਜਿਕ ਅਤੇ ਵਪਾਰਕ ਖੇਤਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ।

ਜਥੇਦਾਰ ਦਾਦੂਵਾਲ ਵੱਲੋਂ ਲੰਮੇ ਸਮੇਂ ਤੋਂ ਗੁਰਮਤਿ ਵਿਚਾਰਧਾਰਾ, ਸਿੱਖ ਸਿਧਾਂਤਾਂ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਨਮਾਨ ਦਾ ਮੁੱਖ ਆਧਾਰ ਦੱਸਿਆ ਗਿਆ। ਇਸ ਦੇ ਨਾਲ ਹੀ ਕਮਿਊਨਿਟੀ ਸੇਵਾ ਅਤੇ ਸਿੱਖ ਵਿਰਾਸਤ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਗਈ।

ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਜਥੇਦਾਰ ਦਾਦੂਵਾਲ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਵਿਰਾਸਤ ਮਨੁੱਖਤਾ ਨੂੰ ਸੇਵਾ, ਬਰਾਬਰੀ, ਭਾਈਚਾਰੇ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ।

ਇਸ ਮੌਕੇ ਸਿੱਖ ਚਿੰਤਕ ਸੁਰਿੰਦਰ ਸਿੰਘ ਗਿੱਲ, ਸੁਬੇਗ ਸਿੰਘ ਮੁਲਤਾਨੀ, ਵਰਲਡ ਬੈਂਕ ਦੇ ਸਲਾਹਕਾਰ ਰਣਜੀਤ ਸਿੰਘ, ਸਤਿੰਦਰ ਸਿੰਘ ਕੰਗ, ਰਣਜੀਤ ਸਿੰਘ ਰਾਣਾ ਅਤੇ ਜਸਵਿੰਦਰ ਸਿੰਘ ਔਜਲਾ ਸਮੇਤ ਕਈ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।