ਜੰਗਜੂ ਕੌਮਾਂ ਗੁਲਾਮ ਹੋਣ ਤੋਂ ਬਾਅਦ ਵੀ ਆਪਣੀ ਅੱਡਰੀ ਤੇ ਰਾਜਸੀ ਸੁਤੰਤਰ ਹੋਂਦ ਹਸਤੀ ਦਾ ਦਾਅਵਾ ਨਹੀਂ ਛੱਡਦੀਆਂ, ਕਿਉਂਕਿ ਉਹ ਹਮੇਸ਼ਾ ਗੁਲਾਮ ਨਹੀਂ ਰਹਿੰਦੀਆਂ ਸਿੱਖ ਧਰਮ ਨੂੰ ਰਾਜਨੀਤੀ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ
ਪਿਛਲੇ ਹਫ਼ਤੇ 6 ਤੋਂ 13 ਅਗਸਤ, ਪੰਜਾਬ ਟਾਈਮਜ਼ ਦੇ ਅੰਕ 3142 ਦੇ 20 ਸਫ਼ੇ ਉੱਤੇ ਮਹਾਰਾਜਾ ਦਲੀਪ ਸਿੰਘ ਦੀ ਪਛਾਣ ਨਾਲ ਛੇੜਛਾੜ ਦੇ ਸਿਰਲੇਖ ਹੇਠ ਇਕ ਖ਼ਬਰ ਛਪੀ ਹੈ । ਇਸ ਖ਼ਬਰ ਦਾ ਸਾਰਅੰਸ਼ ਹੈ : ਬਰਤਾਨਵੀ ਰਾਸ਼ਟਰੀ ਪ੍ਰਸਾਰਕ ਬੀ।ਬੀ।ਸੀ। ਵੱਲੋਂ ਸਿੱਖ ਸਾਮਰਾਜ ਦੇ ਆਖ਼ਰੀ ਪ੍ਰਭੁਸੱਤਾ ਸੰਪੰਨ ਸ਼ਾਸਕ ਦਲੀਪ ਸਿੰਘ ਬਾਰੇ ਪ੍ਰਕਾਸ਼ਿਤ ਕੀਤੀ ਗਈ ਇਕ ਰਿਪੋਰਟ ਨੇ ਅੰਤਰਰਾਸ਼ਟਰੀ ਪੱਧਰ &lsquoਤੇ ਇਕ ਨਵੇਂ ਵਿਚਾਰਧਾਰਕ ਅਤੇ ਇਤਿਹਾਸਕ ਵਿਵਾਦ ਨੂੰ ਜਨਮ ਦਿੱਤਾ ਹੈ । ਬੀ।ਬੀ।ਸੀ। ਦੀ ਵੈੱਬਸਾਈਟ &lsquoਤੇ ਛਾਪੀ ਗਈ ਰਿਪੋਰਟ ਦੇ ਸਿਰਲੇਖ ਵਿੱਚ ਮਹਾਰਾਜਾ ਦਲੀਪ ਸਿੰਘ ਲਈ ਇੰਡੀਅਨ ਕਿੰਗ (ਭਾਰਤੀ ਰਾਜਾ) ਸ਼ਬਦ ਦੀ ਵਰਤੋਂ ਕੀਤੀ ਗਈ । ਇਸ ਸ਼ਬਦਾਵਲੀ ਤੇ ਯੂ।ਕੇ।, ਪੰਜਾਬ ਅਤੇ ਦੁਨੀਆਂ ਵਿੱਚ ਵੱਸਦੇ ਸਿੱਖ ਭਾਈਚਾਰੇ, ਇਤਿਹਾਸਕਾਰਾਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ । ॥॥।ਸਿੱਖ ਜਥੇਬੰਦੀਆਂ, ਵਿਸ਼ੇਸ਼ ਤੌਰ &lsquoਤੇ ਦਲ ਖ਼ਾਲਸਾ ਇੰਟਰਨੈਸ਼ਨਲ ਅਤੇ ਖੋਜੀ ਇਤਿਹਾਸਕਾਰਾਂ ਦਾ ਤਰਕ ਹੈ ਕਿ ਮਹਾਰਾਜਾ ਦਲੀਪ ਸਿੰਘ ਨੂੰ ਭਾਰਤੀ ਰਾਜਾ ਕਹਿਣਾ ਨਾ ਕੇਵਲ ਤਥਾਂ ਦੇ ਉਲਟ ਹੈ ਸਗੋਂ ਇਹ ਸਿੱਖ ਸਾਮਰਾਜ ਦੇ ਸੁਤੰਤਰ ਇਤਿਹਾਸ ਨੂੰ ਧੁੰਦਲਾ ਕਰਨ ਦੇ ਬਰਾਬਰ ਹੈ ।
ਸ਼ਾਇਦ ਇਹ ਸੰਜੋਗ ਵੱਸ ਹੀ ਹੈ ਕਿ ਏਸੇ ਪੰਜਾਬ ਟਾਈਮਜ਼ 3142 ਅੰਕ ਦੇ ਸਫ਼ਾ 25 ਉੱਤੇ ਇਕ ਲੇਖ : ਭਾਰਤ ਦੀ ਆਜ਼ਾਦੀ ਦੀ ਸ਼ੇਰਨੀ : ਮਹਾਰਾਣੀ ਜਿੰਦ ਕੌਰ ਛਪਿਆ ਹੈ । ਹੁਣ ਜੇ ਗੰਭੀਰਤਾ ਨਾਲ ਵਿਚਾਰ ਕਰਕੇ ਵੇਖੀਏ ਤਾਂ ਇਹ ਗੱਲ ਸੁੱਤੇ ਸਿੱਧ ਹੀ ਸਾਬਤ ਹੋ ਜਾਂਦੀ ਹੈ ਕਿ ਮਹਾਰਾਜਾ ਦਲੀਪ ਸਿੰਘ ਨੂੰ ਭਾਰਤੀ ਰਾਜਾ ਲਿਖਣਾ ਅਤੇ ਮਹਾਰਾਣੀ ਜਿੰਦ ਕੌਰ ਨੂੰ ਭਾਰਤ ਦੀ ਆਜ਼ਾਦੀ ਦੀ ਸ਼ੇਰਨੀ ਲਿਖਣ ਦਾ ਇਕੋ ਹੀ ਅਰਥ ਬਣਦਾ ਹੈ ਅਤੇ  ਇਸ ਦਾ ਇਕੋ ਹੀ ਮਕਸਦ ਹੈ ਸਿੱਖ ਧਰਮ ਅਤੇ ਸਿੱਖ ਕੌਮ ਦੀ ਵੱਖਰੀ ਪਛਾਣ ਖ਼ਤਮ ਕਰਕੇ ਇਸ ਦਾ ਭਾਰਤੀ ਕਰਨ, ਕਰਨ ਦਾ ਹੈ । ਜਦੋਂ ਕਿ ਹਿੰਦੋਸਤਾਨ ਦੀ ਧੱਕੜ ਬਹੁਗਿਣਤੀ ਨੇ 1950 ਵਿੱਚ ਮੁਲਕ &lsquoਤੇ ਇਕ ਅਜਿਹਾ ਸੰਵਿਧਾਨਕ ਇੰਤਜਾਮ ਠੋਸਿਆ, ਜਿਸ ਨੇ ਸਿੱਖਾਂ ਨੂੰ ਉਨ੍ਹਾਂ ਦੀ ਰਾਜਸੀ ਪਛਾਣ ਅਤੇ ਸਭਿਆਚਾਰਕ ਵਿਲੱਖਣਤਾ ਤੋਂ ਸੱਖਣੇ ਕਰ ਦਿੱਤਾ, ਇਸ ਤਰ੍ਹਾਂ ਸਿੱਖਾਂ ਨੂੰ ਰਾਜਸੀ ਤੌਰ &lsquoਤੇ ਖ਼ਤਮ ਕਰਕੇ ਅਤੇ ਉਨ੍ਹਾਂ ਨੂੰ ਆਤਮਿਕ ਅਤੇ ਸਭਿਆਚਾਰਕ ਗਿਰਾਵਟ ਦੇ ਕੰਢੇ ਲਿਆ ਕੇ ਬੇਸਿਰ ਪੈਰੇ ਹਿੰਦੂ ਧਰਮ ਦੇ ਖਾਰੇ ਸਾਗਰ ਵਿੱਚ ਹਰ ਹੀਲੇ ਡੁੱਬ ਜਾਣ ਅਤੇ ਸਦਾ ਲਈ ਤਬਾਹ ਹੋ ਜਾਣ ਦੀ ਨੌਬਤ ਤੱਕ ਲੈ ਆਂਦਾ ਹੈ । (ਹਵਾਲਾ-ਅਨੰਦਪੁਰ ਸਾਹਿਬ ਦੇ ਮਤੇ ਵਿੱਚੋਂ : ਲੇਖਕ ਸਿਰਦਾਰ ਕਪੂਰ ਸਿੰਘ) 
ਮਹਾਰਾਣੀ ਜਿੰਦ ਕੌਰ ਦੀ ਭਾਰਤ ਦੀ ਅਜ਼ਾਦੀ ਤੋਂ 84 ਸਾਲ ਪਹਿਲਾਂ ਹੀ ਇਕ ਅਗਸਤ 1863 ਨੂੰ ਇੰਗਲੈਂਡ ਵਿੱਚ ਮੌਤ ਹੋ ਗਈ ਸੀ । ਜਿਥੋਂ ਤੱਕ ਭਾਰਤ ਦੀ ਆਜ਼ਾਦੀ ਦਾ ਸੁਆਲ ਹੈ, ਭਾਰਤ ਦੀ ਆਜ਼ਾਦੀ ਵਿੱਚ ਸਿੱਖ ਕੌਮ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ । ਗੁਲਾਮ ਭਾਰਤ ਨੂੰ ਅੰਗ੍ਰੇਜ਼ਾਂ ਕੋਲੋਂ ਆਜ਼ਾਦ ਕਰਾਉਣ ਲਈ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
ਨੰ: ਵੇਰਵਾ - ਕੁੱਲ ਫਾਂਸੀ ਤੇ ਚੜ੍ਹੇ - 121 ਜਿਨ੍ਹਾਂ ਵਿੱਚੋਂ 93 ਸਿੱਖ ਅਤੇ 28 ਗੈਰ-ਸਿੱਖ, ਕਾਲੇਪਾਣੀ ਕੈਦ ਕੱਟਣ ਵਾਲਿਆਂ ਦੀ ਕੁੱਲ ਗਿਣਤੀ 2646 ਜਿਨ੍ਹਾਂ ਵਿੱਚੋਂ 2147 ਸਿੱਖ ਅਤੇ 499 ਗੈਰ-ਸਿੱਖ ਸਨ । ਕੂਕਾ ਲਹਿਰ ਦੇ ਭਾਰਤ ਦੀ ਲਈ ਸ਼ਹੀਦ ਹੋਣ ਵਾਲੇ ਕੁੱਲ ਸ਼ਹੀਦ 91 ਸਾਰੇ ਦੇ ਸਾਰੇ ਸਿੱਖ ਸਨ, ਇਨ੍ਹਾਂ ਵਿੱਚ ਗੈਰ-ਸਿੱਖ ਕੋਈ ਨਹੀਂ ਸੀ । ਬਜਬਜ ਘਾਟ &lsquoਤੇ ਕੁਲ ਸ਼ਹੀਦ ਹੋਏ 113 ਜਿਨ੍ਹਾਂ ਵਿੱਚੋਂ 67 ਸਿੱਖ ਅਤੇ 46 ਗੈਰ-ਸਿੱਖ ਸਨ । ਭਾਰਤ ਦੀ ਆਜ਼ਾਦੀ ਲਈ ਅਕਾਲੀ ਲਹਿਰ ਦੇ ਸ਼ਹੀਦ ਕੁੱਲ 500 ਤੇ ਇਹ ਵੀ ਸਾਰੇ ਸਿੱਖ ਸਨ । ਜਲ੍ਹਿਆਂਵਾਲੇ ਬਾਗ ਦੇ ਕੁੱਲ ਸ਼ਹੀਦ 1300, ਜਿਨ੍ਹਾਂ ਵਿੱਚੋਂ 799 ਸਿੱਖ ਅਤੇ 501 ਗੈਰ-ਸਿੱਖ ਸਨ । (ਹਵਾਲਾ-ਇਹ ਅੰਕੜੇ ਸਿੱਖ ਮਿਸ਼ਨਰੀ ਕਾਲਜ ਦੇ ਮਾਸਿਕ ਪੱਤਰ ਦੇ ਅਗਸਤ 2006 ਦੇ ਅੰਕ ਵਿੱਚੋਂ ਲਏ ਗਏ ਹਨ) ਉਪਰੋਕਤ ਅੰਕੜਿਆਂ ਅਨੁਸਾਰ ਭਾਰਤ ਦੀ ਆਜ਼ਾਦੀ ਦੀ ਜੰਗ ਵਿੱਚ ਸਿੱਖਾਂ ਵੱਲੋਂ ਪਾਇਆ ਗਿਆ ਯੋਗਦਾਨ ਲਗਪਗ 90 ਫੀਸਦੀ ਬਣਦਾ ਹੈ, ਜਦਕਿ ਸਿੱਖ ਸਾਰੇ ਭਾਰਤ ਦੀ ਅਬਾਦੀ ਦਾ ਤਕਰੀਬਨ 1।75 ਫੀਸਦੀ ਹਨ । ਸਿੱਖ ਕੌਮ ਦੀ ਤ੍ਰਾਸਦੀ ਵੇਖੋ ਕਿ ਜਿਸ ਭਾਰਤ ਨੂੰ ਸਿੱਖਾਂ ਨੇ 90 ਫੀਸਦੀ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਇਆ ਸੀ, ਅੱਜ ਉਸੇ ਭਾਰਤ ਵਿੱਚ ਸਿੱਖ ਗੁਲਾਮ ਹਨ, ਭਾਰਤ ਵਿੱਚ ਸਿੱਖਾਂ ਲਈ ਹੋਰ ਕਾਨੂੰਨ ਹੈ ਅਤੇ ਹਿੰਦੂਆਂ ਲਈ ਕਾਨੂੰਨ ਹੋਰ ਹੈ । ਇਸ ਦੇ ਹਵਾਲੇ ਸੰਤ ਜਰਨੈਲ ਸਿੰਘ ਦੀ ਇੰਦਰਾ ਗਾਂਧੀ ਨੂੰ ਲਿਖੀ ਚਿੱਠੀ ਵਿੱਚੋਂ ਮਿਲਦੇ ਹਨ । ਸੰਤ ਜਰਨੈਲ ਸਿੰਘ ਖ਼ਾਲਸਾ ਦੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲਿਖੀ ਇਹ ਚਿੱਠੀ ਸ: ਨਰਾਇਣ ਸਿੰਘ ਦੀ ਸੰਪਾਦਿਤ ਕੀਤੀ ਪੁਸਤਕ ਸਿੰਘ ਗਰਜ (ਵਿਖਿਆਨ ਤੇ ਮੁਲਾਕਾਤਾਂ ਸੰਤ ਜਰਨੈਲ ਸਿੰਘ) ਦੀ ਜੂਨ 2003 ਦੀ ਐਡੀਸ਼ਨ ਦੇ ਸਫ਼ਾ 718 ਉੱਤੇ ਪੜ੍ਹੀ ਜਾ ਸਕਦੀ ਹੈ ਅਤੇ ਇਸੇ ਕਿਤਾਬ ਦੇ ਪੰਨਾ 398-399 ਉੱਤੇ ਸਿੱਖਾਂ ਦੀ ਗੁਲਾਮੀ ਦੀਆਂ ਹੋਰ ਵੀ ਕਈ ਉਦਾਹਰਣਾਂ ਪੜ੍ਹਨ ਨੂੰ ਮਿਲਦੀਆਂ ਹਨ, ਵੈਸੇ ਇਹ 760 ਸਫ਼ੇ ਦੀ ਸਿੰਘ ਗਰਜ ਸਾਰੀ ਕਿਤਾਬ ਹੀ ਭਾਰਤ ਵਿੱਚ ਸਿੱਖਾਂ ਦੇ ਗੁਲਾਮ ਹੋਣ ਦੀ ਕਹਾਣੀ ਬਿਆਨ ਕਰਦੀ ਹੈ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮਹਾਰਾਣੀ ਜਿੰਦ ਕੌਰ ਨੂੰ ਭਾਰਤ ਦੀ ਆਜ਼ਾਦੀ ਦੀ ਸ਼ੇਰਨੀ ਲਿਖਣ ਵਾਲੇ ਇਸੇ ਲੇਖਕ ਦਾ ਹਾਲੇ ਪਿਛਲੇ ਹਫ਼ਤੇ ਹੀ ਪੰਜਾਬ ਟਾਈਮਜ਼ ਦੇ 3141 ਅੰਕ ਦੇ ਸਫ਼ਾ 25 ਉੱਤੇ ਇਕ ਹੋਰ ਲੇਖ : ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਕਿਵੇਂ ਸਹਿਯੋਗੀ ਬਣੀਏ ! ਛਪਿਆ ਹੈ । ਇਸ ਲੇਖ ਵਿੱਚ ਲੇਖਕ ਨੇ ਰਾਜਨੀਤੀ ਰਹਿਤ ਕੇਵਲ ਸਿੱਖ ਧਰਮ ਦੀ ਵਿਆਖਿਆ ਬ੍ਰਾਹਮਣਵਾਦੀ ਆਸ਼ੇ ਅਨੁਸਾਰ ਕੀਤੀ ਹੈ ਅਤੇ ਲੇਖ ਦੇ ਅੰਤ ਵਿੱਚ ਸਿੱਖਾਂ ਨੂੰ ਧਰਮ ਅਤੇ ਰਾਜਨੀਤੀ ਨੂੰ ਵੱਖ-ਵੱਖ ਰੱਖਣ ਦੀ ਸਲਾਹ ਦਿੱਤੀ ਹੈ । ਮਹਾਰਾਣੀ ਜਿੰਦ ਕੌਰ ਨੂੰ ਭਾਰਤੀ ਆਜ਼ਾਦੀ ਦੀ ਸ਼ੇਰਨੀ ਲਿਖਣ ਵਾਲੇ ਏਸੇ ਲੇਖਕ (ਇਕਬਾਲ ਸਿੰਘ ਲਾਲਪੁਰਾ) ਦੇ ਪੰਜਾਬ ਟਾਈਮਜ਼ ਵਿੱਚ ਛਪੇ ਲੇਖ : ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਕਿਵੇਂ ਸਹਿਯੋਗੀ ਬਣੀਏ &lsquoਤੇ ਇਕ ਪੰਛੀ ਝਾਤ ਮਾਰੀਏ । ਕਿਉਂਕਿ ਜੇ ਪੂਰੇ ਲੇਖ ਦੀ ਪੜਚੋਲ ਕਰਨ ਲੱਗਾਂ ਤੇ ਹੱਥਲਾ ਲੇਖ ਬਹੁਤ ਲੰਬਾ ਹੋ ਜਾਵੇਗਾ । ਧਰਮ ਦੀ ਵਿਆਖਿਆ ਕਰਦਾ ਹੋਇਆ ਲੇਖਕ ਲਿਖਦਾ ਹੈ : ਦੁਨੀਆਂ ਵਿੱਚ ਕੇਵਲ ਇਕ ਹੀ ਧਰਮ ਹੈ, ਪ੍ਰਭੂ ਨੂੰ ਯਾਦ ਰਖਣਾ ਤੇ ਚੰਗਾ ਕੰਮ ਕਰਨਾ॥॥। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਸਦੀਵੀ ਰਾਹਤ ਦੇਣ ਲਈ ਧਰਤੀ &lsquoਤੇ ਵੱਸਦੇ ਮਨੁੱੁਖ ਨੂੰ ਹੀ ਦੇਵਤਾ ਬਣਾਉਣ ਦਾ ਸੰਕਲਪ ਪ੍ਰਗਟ ਕੀਤਾ ਹੈ । ਪਰ ਗੁਰੂ ਸਾਹਿਬ ਨੇ ਤਾਂ, ਨਾਨਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ (ਗੁ: ਗ੍ਰੰ: ਸਾ: ਪੰਨਾ 966) ਅਤੇ ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ (ਭਾਈ ਗੁਰਦਾਸ ਦੀ ਵਾਰ) ਨਾਨਕ-ਰਾਜ ਜਿਸ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਨੇ ਸੱਚ ਰੂਪ ਕਿਲ੍ਹਾ ਉਸਾਰ ਕੇ ਕੀਤੀ ਉਸ ਵਿੱਚ ਸਾਰੀਆਂ ਸ਼ਕਤੀਆਂ ਦਾ ਸਰੋਤ ਸਰਬ ਸ਼ਕਤੀਮਾਨ ਪ੍ਰਮਾਤਮਾ ਨੂੰ ਮੰਨਿਆ ਗਿਆ ਹੈ । ਗੁਰੂ ਨਾਨਕ ਦੁਆਰਾ ਚਲਾਏ ਰਾਜ ਨੂੰ ਉਨ੍ਹਾਂ ਦੇ ਉਤਰਾਧਿਕਾਰੀਆਂ ਨੇ ਅਗਾਂਹ ਵਧਾਇਆ । (ਹਵਾਲਾ-ਰਾਜ ਦਾ ਸਿੱਖ ਸੰਕਲਪ, ਲੇਖਕ ਡਾ: ਜਸਪਾਲ ਸਿੰਘ) 
ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਲੋਕਾਈ ਵਿੱਚ ਰਾਜਸੀ, ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਅਧੋਗਤੀ ਨੂੰ ਅਨੁਭਵ ਕਰਕੇ, ਇਸ ਨੂੰ ਦੂਰ ਕਰਨ ਦਾ ਭਰਪੂਰ ਯਤਨ ਕੀਤਾ । ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਨ੍ਹਾਂ ਨੇ, ਨਾਨਕ ਨਿਰਮਲ ਪੰਥ ਦੀ ਅਧਾਰ ਸ਼ਿਲਾ ਰੱਖੀ । ਇਹ ਨਿਰਮਲ ਪੰਥ ਨਿਰੋਲ ਇਕ ਅਧਿਆਤਮਿਕ ਲਹਿਰ ਨਹੀਂ ਸੀ ਸਗੋਂ ਇਹ ਨਿਰਮਲ ਪੰਥ ਆਦਿ ਅਰੰਭ ਤੋਂ ਹੀ ਭਗਤੀ ਸ਼ਕਤੀ (ਧਰਮ ਤੇ ਰਾਜਨੀਤੀ) ਨੂੰ ਇਕ ਦੂਸਰੇ ਦੀ ਹੋਂਦ ਲਈ ਜਰੂਰੀ ਮੰਨਦਾ ਹੈ । ਸਿਧਾਂਤ ਰੂਪ ਵਿੱਚ ਗੁਰੂ ਨਾਨਕ ਦਾ ਬਾਬਰ ਨੂੰ ਜਾਬਰ ਕਹਿਣਾ ਇਸ ਦਾ ਪਹਿਲਾ ਪ੍ਰਮਾਣ ਸੀ । ਇਸ ਸਿਧਾਂਤ ਅਨੁਸਾਰ ਹੀ ਗੁਰੂ ਅੰਗਦ ਸਾਹਿਬ ਨੇ ਬਾਦਸ਼ਾਹ ਹੰਮਾਯੂ ਨੂੰ ਤਲਵਾਰ ਦੀ ਸਮੇਂ ਤੇ ਸਥਾਨ ਅਨੁਸਾਰ ਵਰਤੋਂ ਕਰਨ ਲਈ ਸੁਚੇਤ ਕੀਤਾ ਸੀ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਨਾਨਕ ਨਿਰਮਲ ਪੰਥ ਦੀ ਨਿਰਮਲ ਵਿਚਾਰਧਾਰਾ ਦਾ ਇਕ ਮਹੱਤਵਪੂਰਨ ਪੜਾਅ ਹੈ । ਸਿੱਖ ਧਰਮ ਦੇ ਵਿਕਾਸ ਅਤੇ ਸਥਾਪਤੀ ਵਿੱਚ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੇ ਮੀਲ ਪੱਥਰ ਦਾ ਕਾਰਜ ਕੀਤਾ ਹੈ (ਹਵਾਲਾ-ਹੁਕਮਨਾਮੇ ਆਦੇਸ਼ ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ-ਸੰਪਾਦਕ ਰੂਪ ਸਿੰਘ ਪ੍ਰਕਾਸ਼ਨ ਸਿੰਘ ਬਰਦਰਜ਼ ਅੰਮ੍ਰਿਤਸਰ) 
ਸਿੱਖ ਧਰਮ ਦਾ ਸੰਕਲਪ ਹੈ ਸਿੱਖੀ ਅਨੁਸਾਰ ਸਭ ਮਨੁੱਖ ਮਾਤਰ ਨੂੰ ਪਰਮ ਕ੍ਰਿਪਾਲੂ ਪਿਤਾ ਨੇ ਅਮਿਟ ਅਧਿਕਾਰ ਦਿੱਤਾ ਹੈ ਕਿ ਉਹ ਨਿਰ-ਵਿਘਨ ਖੇੜੇ ਅਤੇ ਖੁਸ਼ੀਆਂ ਦਾ ਜੀਵਨ ਜਿਉ ਸਕਣ : ਹਰਖ ਅਨੰਤ ਸੋਗ ਨਹੀਂ ਬੀਆ ਅਤੇ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜ ਜੀਉ, (ਗੁ: ਗ੍ਰੰ: ਸਾਹਿਬ ਪੰਨਾ 74) । ਪ੍ਰਮਾਤਮਾ ਨੂੰ ਇਹੋ ਮਨਜ਼ੂਰ ਹੈ ਕਿ ਧਰਮ ਵਿਸ਼ਵ ਕਲਿਆਣਕਾਰੀ ਹੋਵੇ ਅਤੇ ਸੰਸਾਰ ਦੇ ਹਰ ਦੂਜੇ ਧਰਮਾਂ ਲਈ ਭਾਈਚਾਰੇ ਅਤੇ ਸਦਭਾਵਨਾ ਦੇ ਵਿਚਾਰ ਰੱਖਦਾ ਹੋਵੇ । ਰਾਜਨੀਤੀ ਉਹੋ ਹੀ ਪ੍ਰਮਾਤਮਾਂ ਦੇ ਹੁਕਮ ਅਨੁਸਾਰ ਹੋ ਸਕਦੀ ਹੈ ਜਿਹੜੀ ਮਨੁੱਖ ਦੇ ਖੇੜੇ ਖੁਸ਼ੀਆਂ ਦੇ ਹੱਕ ਨੂੰ ਨਿਰਸੰਕੋਚ ਤਸਲੀਮ ਕਰੇ ਅਤੇ ਹਰ ਮਨੁੱਖ (ਸਮੇਤ ਘੱਟਗਿਣਤੀਆਂ) ਦੇ ਆਪਣੀ ਜ਼ਮੀਰ ਅਨੁਸਾਰ ਜੀਊਣ ਦੇ ਹੱਕ ਨੂੰ ਸਪੱਸ਼ਟ ਮੰਨੇ । ਹਰ ਮਨੁੱਖ ਦੇ ਸਵੈਮਾਣ ਅਤੇ ਅਣਖ ਨਾਲ ਜੀਊਣ ਦੇ ਹੱਕ ਦੀ ਰਾਖੀ ਕਰਨਾ ਰਾਜਨੀਤੀ ਦਾ ਪਹਿਲਾ ਫਰਜ਼ ਹੈ : ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਕਿਸੇ ਰਝਾਣ ਦਾ ॥ ਸੰਸਾਰ ਦੀਆਂ ਬਾਦਸ਼ਾਹੀਆਂ ਸੱਚਾ ਪਾਤਿਸ਼ਾਹ ਆਪ ਸਿਰਜਦਾ ਹੈ ਅਤੇ ਇਨ੍ਹਾਂ ਨੂੰ ਕੇਵਲ ਉਦੋਂ ਤੱਕ ਕਾਇਮ ਰੱਖਦਾ ਹੈ, ਜਦੋਂ ਤੱਕ ਉਹ ਆਪਣੀ ਸ਼ਕਤੀ ਨੂੰ ਉਸ ਦੇ ਆਸ਼ੇ ਅਨੁਸਾਰ ਵਰਤਦੀਆਂ ਹਨ । ਜੇ ਉਹ ਅਨਿਆਂਕਾਰੀ ਜਾਂ ਫਿਰਕਾਦਾਰਾਨਾ ਹੋ ਜਾਣ (ਜਿਵੇਂ ਮੌਜੂਦਾ ਭਾਜਪਾ ਸਰਕਾਰ ਹੋ ਚੁੱਕੀ ਹੈ) ਤਾਂ ਸਿਰਜਣ ਵਾਲਾ ਉਨ੍ਹਾਂ ਨੂੰ ਬਲ-ਹੀਣ ਕਰਕੇ ਰਾਜ ਕਰਨ ਦੇ ਅਧਿਕਾਰ ਤੋਂ ਵਾਂਝਾ ਕਰ ਦਿੰਦਾ ਹੈ : ਜਿਸ ਨੌ ਆਪਿ ਖੁਆਏ ਕਰਤਾ ਖੁਸਿ ਲਏ ਚੰਗਆਈ ॥ ਜਦੋਂ ਐਸੀਆਂ ਅਲਾਮਤਾਂ ਪ੍ਰਗਟ ਹੋ ਜਾਣ ਤਾਂ ਹਰ ਧਰਮੀ ਮਨੁੱਖ ਪ੍ਰਮਾਤਮਾ ਦਾ ਭੈਅ ਰੱਖਣ ਵਾਲੇ ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੀ ਰਾਜਸੀ ਸ਼ਕਤੀ (ਬਾਦਸ਼ਾਹਤ) ਦਾ ਤਖ਼ਤਾ ਉਲਟਾਉਣ ਲਈ ਟਿਲ ਲਾ ਦੇਵੇ, ਜੋ ਪ੍ਰਮਾਤਮਾ ਦੇ ਰਾਹ ਨੂੰ ਵਿਸਾਰ ਚੁੱਕੀ ਹੈ ਅਤੇ ਫਲਸਰੂਪ ਰਾਜ ਕਰਨ ਦਾ ਅਧਿਕਾਰ ਗੁਆ ਚੁੱਕੀ ਹੈ। 
 -(ਹਵਾਲਾ ਪੁਸਤਕ ਸਿੰਘ ਨਾਦ ਪੰਨਾ 19-ਲੇਖਕ ਸ: ਗੁਰਤੇਜ ਸਿੰਘ)
ਇਸੇ ਤਰਾਂ ਸ: ਜਗਜੀਤ ਸਿੰਘ ਜੀ ਸਿੱਖ ਇਨਕਲਾਬ ਦੀ ਪੁਸਤਕ ਵਿੱਚ ਸਿੱਖ ਸਿਧਾਂਤ ਤੇ ਸਿੱਖ ਲਹਿਰ ਦੇ ਸਿਰਲੇਖ ਹੇਠ ਪੰਨਾ 115 ਉੱਤੇ ਲਿਖਦੇ ਹਨ : ਕਈ ਲੋਕ ਗਲਤੀ ਨਾਲ ਸਿੱਖ ਮੱਤ ਨੂੰ ਸਿਰਫ਼ ਨਾਮ ਮਾਰਗ ਹੀ ਸਮਝ ਲੈਂਦੇ ਹਨ ਅਤੇ ਇਸ ਦੇ ਸਮਾਜੀ ਤੇ ਸਿਆਸੀ ਅਰਥਾਂ ਨੂੰ ਵਿਸਾਰ ਦਿੰਦੇ ਹਨ । ਉਸ ਰੋਲ ਨੂੰ ਵੀ ਭੁੱਲ ਜਾਂਦੇ ਹਨ ਜੋ ਸਿੱਖ ਗੁਰੂਆਂ ਨੇ ਇਤਿਹਾਸ ਵਿੱਚ ਅਦਾ ਕੀਤਾ ਹੈ । ਸਿੱਖ ਸਿਧਾਂਤ ਅਨੁਸਾਰ ਵਿਅਕਤੀ ਅਤੇ ਸਮਾਜ ਦੀ ਹੋਣੀ ਇਕ ਦੂਜੇ ਨਾਲ ਅਨਿਖੜ ਰੂਪ ਵਿੱਚ ਜੁੜੀ ਹੋਈ ਹੈ । ਕਿਸੇ ਵੀ ਸਮਾਜੀ ਤੇ ਸਿਆਸੀ ਪ੍ਰਬੰਧ ਦਾ ਚਰਿੱਤਰ ਇਸ ਵਿੱਚ ਸ਼ਾਮਿਲ ਹੋਏ ਲੋਕਾਂ ਦੇ ਮਨੋਰਥਾਂ ਅਤੇ ਚਰਿੱਤਰਾਂ ਤੋਂ ਬਣਦਾ ਹੈ, ਇਸ ਲਈ ਸਿੱਖ ਗੁਰੂਆਂ ਨੇ ਲਾਲਚ ਤੇ ਜਬਰ ਦੀ ਭਾਵਨਾ ਨੂੰ ਖ਼ਤਮ ਕਰਨ &lsquoਤੇ ਜ਼ੋਰ ਦਿੱਤਾ।
 (ਨੋਟ-ਮੌਜੂਦਾ ਭਾਜਪਾ ਸਰਕਾਰ ਸਿੱਖ ਧਰਮ ਦੇ ਸਿੱਖੀ ਸਿਧਾਂਤਾਂ ਦੇ ਬਿਲਕੁੱਲ ਉਲਟ ਲਾਲਚ ਤੇ ਜਬਰ ਦੀ ਭਾਵਨਾ ਨੂੰ ਸਗੋਂ ਪ੍ਰਚੰਡ ਕਰ ਰਹੀ ਹੈ) 
   ਇਹ ਜ਼ੋਰ ਕੇਵਲ ਸਿਰਫ਼ ਵਿਅਕਤੀ ਨੂੰ ਬਦਲਣ &lsquoਤੇ ਨਹੀਂ ਸੀ ਸਗੋਂ ਸਮਾਜ ਦੇ ਚਰਿੱਤਰ ਨੂੰ ਬਦਲਣ &lsquoਤੇ ਸੀ । ਸਿੱਖ ਗੁਰੂ ਸਾਹਿਬਾਨ ਨੇ ਸਿੱਖ ਪੰਥ ਨੂੰ ਐਸੇ ਫਿਰਕੇ ਦੇ ਤੌਰ &lsquoਤੇ ਜਥੇਬੰਦ ਨਹੀਂ ਕੀਤਾ ਜੋ ਸਿਰਫ਼ ਧਰਮ ਦੇ ਪਰੰਪਰਾਈ ਭਾਰਤੀ ਤੌਰ ਤਰੀਕੇ ਅਨੁਸਾਰ ਚੱਲਦਾ ਰਹੇ, ਬਲਕਿ ਸਿੱਖ ਪੰਥ ਨੂੰ ਜਾਤ-ਪਾਤੀ ਸਮਾਜ ਨੂੰ ਬਦਲਣ, ਧਾਰਮਿਕ ਤੇ ਸਿਆਸੀ ਜਬਰ ਦਾ ਮੁਕਾਬਲਾ ਕਰਨ ਅਤੇ ਆਮ ਜਨਤਾ ਦੇ ਹੱਥ ਸਿਆਸੀ ਤਾਕਤ ਹਾਸਲ ਕਰਨ ਦਾ ਵਸੀਲਾ ਬਣਾਇਆ ਗਿਆ । ਪੰਥ ਦੀ ਜਥੇਬੰਦੀ ਤੇ ਇਸ ਦੇ ਸਮਾਜੀ ਤੇ ਸਿਆਸੀ ਨਿਸ਼ਾਨੇ ਇਕੋ ਸਿਧਾਂਤ ਦੇ ਅੰਗ ਹਨ । ਹੋਰ ਵਿਸਥਾਰ ਜਾਨਣ ਲਈ ਪੜੋ੍ਹ ਸ: ਜਗਜੀਤ ਸਿੰਘ ਦੀ ਪੁਸਤਕ ਸਿੱਖ ਇਨਕਲਾਬ । 
ਮੀਰੀ ਤੇ ਪੀਰੀ ਦੇ ਧਰਨੀ ਸਿੱਖਾਂ ਨੇ ਅਠਾਰਵੀਂ ਸਦੀ ਵਿੱਚ ਜੁਲਮੀ ਇੰਤਹਾ ਅੱਗੇ ਜਿਤਨੇ ਉੱਚੇ ਤੇ ਖ਼ਾਲਸਈ ਕਿਰਦਾਰ ਅਤੇ ਜਬਤ ਨੂੰ ਰੂਪਮਾਨ ਕੀਤਾ ਉਹ ਮਨੁੱਖਤਾ ਦੇ ਧਾਰਮਿਕ ਇਤਿਹਾਸ ਵਿੱਚ ਆਪਣੀਂ ਮਿਸਾਲ ਆਪ ਹੈ । ਮੀਰੀ-ਪੀਰੀ (ਧਰਮ ਤੇ ਰਾਜਨੀਤੀ) ਦਾ ਸਿਧਾਂਤ ਨਾ ਤਾਂ ਵਕਤੀ ਲੋੜ ਦਾ ਸੂਚਕ ਸੀ ਅਤੇ ਨਾ ਹੀ ਵਕਤੀ ਘਟਨਾਵਾਂ ਦੇ ਪ੍ਰਤੀਕਰਮ ਦਾ ਸਿੱਟਾ । ਇਹ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਿਰੁ ਧਰਿ ਤਲੀ ਗਲੀ ਮੇਰੀ ਆਉ ਦਾ ਪੂਰਵ-ਨਿਸ਼ਚਿਤ ਦਿਬ ਦ੍ਰਿਸ਼ਟੀ ਦਾ ਅਨਿੱਖੜਵਾਂ ਅੰਗ ਸੀ । ਮੀਰੀ-ਪੀਰੀ ਦਾ ਸੰਕਲਪ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਤੱਖ ਸਰੂਪ ਸੀ । (ਹਵਾਲਾ-ਸਿੱਖ ਧਰਮ ਅਧਿਐਨ (ਮੁੱਢਲੀ ਜਾਣਕਾਰੀ) ਭਾਗ ਪਹਿਲਾ-ਪੰਨਾ 99-ਪ੍ਰਕਾਸ਼ਨ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ) । ਪੰਜਾਬ ਟਾਈਮਜ਼ ਅੰਕ 3141 &lsquoਤੇ ਛਪੇ, ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਕਿਵੇਂ ਸਹਿਯੋਗੀ ਬਣੀਏ ਦੇ ਲੇਖਕ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਨ੍ਹਾਂ ਸਤਰਾਂ ਰਾਹੀਂ ਵੱਖ-ਵੱਖ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਥ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਾਲਸਾ ਆਮ ਆਦਮੀਆਂ ਵਾਸਤੇ ਗੁਰੂਆਂ ਦੀ ਗਿਣਤੀ ਭਾਵੇਂ ਦੱਸ ਹੈ, ਪਰ ਗੁਰਮਤਿ ਸਿਧਾਂਤ ਅਨੁਸਾਰ ਗੁਰੂ ਕੇਵਲ ਇਕ ਹੀ ਹੈ ਤੇ ਉਹ ਹੈ ਗੁਰੂ ਨਾਨਕ ਜੋਤਿ, ਜਿਸ ਇਲਾਹੀ ਜੋਤਿ ਦੀ ਇਕਸਾਰਤਾ ਤੇ ਏਕਤਾ ਗੁਰਬਾਣੀ ਸਪੱਸ਼ਟ ਕਰਦੀ ਹੈ : ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰ ਪਲਟੀਐ - (ਗੁ: ਗ੍ਰੰ: ਸਾ: ਪੰਨਾ 966), ਅੱਗੇ ਚੱਲਕੇ ਲੇਖਕ ਹੋਰ ਲਿਖਦਾ ਹੈ ਕਿ : ਭਾਰਤ ਵਿਰੋਧੀ ਵਿਦੇਸ਼ੀ ਤਾਕਤਾਂ ਜੋ ਸਿੱਖ ਕੌਮ ਦੇ ਮੁੱਢ ਕਦੀਮ ਤੋਂ ਫਲਸਫੇ ਵਿਰੋਧੀ ਰਹੀਆਂ ਹਨ ਤੇ ਗੁਰੂ ਸਾਹਿਬਾਨ ਦੇ ਕਾਤਲਾਂ ਦੀਆਂ ਵਾਰਸ ਹਨ । ਹੁਣ ਇਥੇ ਵਿਚਾਰਨ ਯੋਗ ਤੱਥ ਇਹ ਹੈ ਕਿ ਭਾਰਤ ਵਿਰੋਧੀ ਵਿਦੇਸ਼ੀ ਤਾਕਤਾਂ ਤਾਂ ਸਿੱਖ ਕੌਮ ਦੇ ਫਲਸਫੇ ਅਤੇ ਗੁਰੂ ਸਾਹਿਬਾਨ ਦੇ ਕਾਤਲਾਂ ਦੀਆਂ ਵਾਰਿਸ ਹੋਣਗੀਆਂ ਪਰ ਭਾਰਤ ਦੀ ਮੌਜੂਦਾ ਭਾਜਪਾ ਸਰਕਾਰ ਤਾਂ ਅੱਜ ਵੀ ਸਿੱਖ ਕੌਮ ਦੇ ਫਲਸਫੇ ਅਤੇ ਗੁਰੂ ਸਾਹਿਬਾਨ ਦੇ ਸਿੱਖੀ ਸਿਧਾਂਤਾਂ ਦਾ ਕੱਟੜ ਵਿਰੋਧ ਕਰ ਰਹੀ ਹੈ ਅਤੇ ਗੁਰੂ ਸਾਹਿਬਾਨ ਦੇ ਦੈਵੀ ਰੁਤਬੇ ਨੂੰ ਨਾ ਮੰਨ ਕੇ ਉਨ੍ਹਾਂ ਨੂੰ ਆਮ ਮਨੁੱਖੀ ਕਿਰਦਾਰਾਂ ਵਾਂਗ ਪ੍ਰਚਾਰ ਰਹੀ ਹੈ ਤੇ ਅੰਤ ਵਿੱਚ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਸਹਿਯੋਗੀ ਕਿਵੇਂ ਬਣੀਏ ਦਾ ਲੇਖਕ ਲਿਖਦਾ ਹੈ ਕਿ, ਸਿੱਖ ਆਗੂ ਆਪਣੀ ਨੀਤੀ ਸਪੱਸ਼ਟ ਕਰਨ - ਜੇਕਰ ਰਾਜਨੀਤੀ ਕਰਨੀ ਹੈ ਗੁਰੂ ਘਰ ਛੱਡ ਦਿਉ ਤੇ ਸਿੱਖ ਧਰਮ ਦਾ ਸੰਕਲਪ ਸਪੱਸ਼ਟ ਕਰੋ, ਨੌਜਵਾਨਾਂ ਨੂੰ ਗੁੰਮਰਾਹ ਨਾ ਕਰੋ । ਅਮਨ-ਸ਼ਾਂਤੀ ਤੋਂ ਬਿਨਾਂ ਵਿਕਾਸ ਸੰਭਵ ਨਹੀਂ, ਜੇਕਰ ਧਰਮ ਦੀ ਗੱਲ ਕਰਨੀ ਹੈ ਤਾਂ ਰਾਜਨੀਤੀ ਤੋਂ ਦੂਰੀ ਬਣਾਉਣੀ ਪਵੇਗੀ । ਆਸ ਕਰਦਾ ਹਾਂ ਦਾਸ ਦੇ ਉਕਤ ਦਿੱਤੇ ਹਵਾਲਿਆਂ ਤੋਂ ਪਾਠਕ ਜਨ ਸਿੱਖ ਧਰਮ ਦੇ ਸੰਕਲਪ ਨੂੰ ਵੀ ਜਾਣ ਲੈਣਗੇ ਅਤੇ ਇਹ ਵੀ ਜਾਣ ਲੈਣਗੇ ਕਿ ਸਿੱਖ ਧਰਮ ਵਿੱਚ ਧਰਮ ਤੇ ਰਾਜਨੀਤੀ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ । ਰਾਜਨੀਤਕ ਅਜ਼ਾਦੀ ਅਤੇ ਸਿੱਖ ਮੱਤ ਬਾਰੇ ਸਿੱਖ ਕੀ ਰਾਇ ਰੱਖਦੇ ਹਨ ਉਸ ਦਾ ਸਾਰ ਬਿਨਾ ਸ਼ਕ ਸ੍ਰੀ ਮੁੱਖਵਾਕ ਦੀਆਂ ਇਨ੍ਹਾਂ ਪੰਕਤੀਆਂ ਵਿੱਚ ਮੌਜੂਦ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ (1708 ਈ:) ਤੋਂ ਬਾਅਦ ਅੱਜ ਤੱਕ ਸਿੱਖ ਆਪਣੀ ਅਰਦਾਸ ਵਿੱਚ ਰੋਜ਼ ਪੜ੍ਹਦੇ ਆ ਰਹੇ ਹਨ : ਰਾਜ ਕਰੇਗਾ ਖ਼ਾਲਸਾ ਆਕੀ ਰਹੈ ਨਾ ਕੋਇ । ਖੁਆਰ ਹੋਇ ਸਭ ਮਿਲੈਂਗੇ ਬਚੇ ਸਰਨਿ ਜੁ ਹੋਇ । ਭਾਵ ਕਿ ਸਿੱਖ ਹਮੇਸ਼ਾ ਆਜ਼ਾਦ ਤੇ ਪ੍ਰਭੂ ਸਤਾ-ਸੰਪੰਨ ਰਹਿਣਗੇ ਅਤੇ ਇਸ ਨੂੰ ਕੋਈ ਚਣੌਤੀ ਨਹੀਂ ਦੇ ਸਕਦਾ । ਜੰਗਜੂ ਕੌਮਾਂ ਆਪਣੇ ਸਿਧਾਂਤਾਂ ਤੇ ਅੱਡਰੀ ਸੁਤੰਤਰ ਹੋਂਦ ਹਸਤੀ ਦਾ ਦਾਅਵਾ ਨਹੀਂ ਛੱਡਦੀਆਂ । ਕਿਉਂਕਿ ਉਹ ਹਮੇਸ਼ਾ ਗੁਲਾਮ ਨਹੀਂ ਰਹਿੰਦੀਆਂ । 
  ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਕਿਵੇਂ ਸਹਿਯੋਗੀ ਬਣੀਏ ਲੇਖ ਦਾ ਲੇਖਕ (ਇਕਬਾਲ ਸਿੰਘ ਲਾਲਪੁਰਾ) ਲਿਖਦਾ ਹੈ ਕਿ : ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਅਕਾਲ ਪੁਰਖ ਦੀ ਪਰਿਭਾਸ਼ਾ ਤੋਂ ਉਸ ਨਾਲ ਇੱਕ-ਮਿੱਕ ਹੋਣ ਦਾ ਰਾਹ ਤੇ ਵਿਧੀ ਪ੍ਰਗਟ ਕਰਦੇ ਹਨ । ਕੋਈ ਇਤਿਹਾਸ ਤੇ ਕਹਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹਨ, ਪਰ ਸ੍ਰੀ ਗੁਰੂ ਸਾਹਿਬ ਜੀ ਤਾਂ ਇਤਿਹਾਸ ਦਾ ਇਕ ਵੱਡਮੁੱਲਾ ਭੰਡਾਰ ਹਨ । ਗੁਰੂ ਨਾਨਕ ਸਾਹਿਬ ਤੇ ਬਾਬਰ ਸਮਕਾਲੀ ਸਨ ਤੇ ਉਨ੍ਹਾਂ ਨੇ ਬਾਬਰ ਨੂੰ ਜ਼ਾਬਰ ਵੀ ਕਿਹਾ । ਹਿੰਦ ਦੇ ਇਤਿਹਾਸ ਵਿੱਚ ਸੋਲਵੀਂ ਸਦੀ ਦਾ ਪਹਿਲਾ ਅੱਧ ਬੜੀਆਂ ਰਾਜਨੀਤਕ ਘਟਨਾਵਾਂ ਨਾਲ ਭਰਪੂਰ ਸੀ, ਤੇ ਇਹ ਘਟਨਾਵਾਂ ਹਿੰਦ ਦੇ ਇਤਿਹਾਸ ਵਿੱਚ ਯੁੱਗ ਪਲਟਾਊ ਸਮਝੀਆਂ ਜਾਂਦੀਆਂ ਹਨ, ਉਸ ਸਮੇਂ ਦੀਆਂ ਕੁਝ ਕੁ ਮਹਾਨ ਘਟਨਾਵਾਂ ਹਨ (1) ਬਾਬਰ ਦਾ ਹਮਲਾ (2) ਪਾਨੀਪਤ ਦੀ ਪਹਿਲੀ ਲੜਾਈ (3) ਹਿੰਮਾਯੂ ਦਾ ਹਿੰਦ ਵਿੱਚੋਂ ਦੇਸ਼ ਨਿਕਾਲਾ (4) ਅਫ਼ਗਾਨਾਂ ਦੀ ਉਨਤੀ ਤੇ ਸ਼ੇਰ ਸ਼ਾਹ ਸੂਰੀ । ਇਹ ਸਭ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀਆਂ ਗਈਆਂ ਹਨ - ਬਾਬਰ ਵਾਣੀ ਸਾਰਾ ਇਤਿਹਾਸ ਹੀ ਹੈ ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ ਹੋਰ ਵਿਸਥਾਰ ਨਾਲ ਲਿਖਿਆ ਜਾਵੇ । 
  1486 ਈ: ਤੋਂ ਲੈ ਕੇ 1764 ਈ: ਦੇ ਵਿਚਕਾਰਲੇ ਸਮੇਂ ਦੀ ਸਿੱਖ ਲਹਿਰ ਨਾ ਕੇਵਲ ਇਨਕਲਾਬੀ ਸੀ ਬਲਕਿ ਕਈ ਹੋਰ ਉੱਘੀਆਂ ਇਨਕਲਾਬੀ ਲਹਿਰਾਂ ਦੇ ਪ੍ਰਸੰਗ ਵਿੱਚ ਇਸ ਦੀ ਛੱਬ ਨਿਰਾਲੀ ਸੀ ।
ਉਕਤ ਲੇਖ ਵਿੱਚ ਵਰਤੇ ਗਏ ਹਵਾਲੇ-
(1) ਸ੍ਰੀ ਗੁਰੂ ਗ੍ਰੰਥ ਸਾਹਿਬ (2) ਭਾਈ ਗੁਰਦਾਸ ਦੀਆਂ ਵਾਰਾਂ (3) ਰਾਜ ਦਾ ਸਿੱਖ ਸੰਕਲਪ-ਲੇਖਕ ਡਾ: ਜਸਪਾਲ ਸਿੰਘ (4) ਹੁਕਮਨਾਮੇ, ਆਦੇਸ਼, ਸੰਦੇਸ਼, ਸ੍ਰੀ ਅਕਾਲ ਤਖਤ ਸਾਹਿਬ ਲੇਖਕ ਰੂਪ ਸਿੰਘ (5) ਪੁਸਤਕ &lsquoਸਿੰਘ ਨਾਦ&rsquo ਲੇਖਕ ਸ: ਗੁਰਤੇਜ ਸਿੰਘ (6) ਸਿੱਖ ਇਨਕਾਬਲ ਲੇਖਕ ਜਗਜੀਤ ਸਿੰਘ (7) ਸਿੱਖ ਧਰਮ ਅਧਿਐਨ (ਮੁੱਢਲੀ ਜਾਣਕਾਰੀ) ਭਾਗ ਪਹਿਲਾ ਸਫ਼ਾ 99 (8) ਇਨਕਲਾਬੀ  ਲਹਿਰਾਂ ਦੇ ਪ੍ਰਸੰਗ ਵਿੱਚ ਸਿੱਖ ਲਹਿਰ ਲੇਖਕ ਜਗਜੀਤ ਸਿੰਘ 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ
ਯੂ।ਕੇ।